ਸਿੱਖ ਕੋਲੀਸ਼ਨ ਨਾਲ ਸੰਪਰਕ ਕਰਨ ਲਈ ਤੁਹਾਡਾ ਧੰਨਵਾਦ। ਇਸ ਈ-ਮੇਲ ਵਿੱਚ ਸਿੱਖ ਕੋਲੀਸ਼ਨ ਵੱਲੋਂ ਆਪਣੇ ਸਹਿਯੋਗੀ ਕਾਨੂੰਨੀ ਸਲਾਹਕਾਰ ਨਾਲ ਰਲ਼ ਕੇ ਕੈਲੀਫ਼ੋਰਨੀਆ ਡੀਐਮਵੀ ਖ਼ਿਲਾਫ਼ ਦਾਖ਼ਲ ਕੀਤੇ ਗਏ ਮੁਕੱਦਮੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਮੁਕੱਦਮਾ 20000 ਕਮਰਸ਼ੀਅਲ ਡਾਇਵਿੰਗ ਲਾਇਸੰਸਾਂ ਨਾਲ ਸੰਬੰਧਤ ਹੈ। ਇਸ ਕੇਸ ਦਾ ਸਿਰਲੇਖ ਇਸ ਪ੍ਰਕਾਰ ਹੈ: ਜੌਨ ਡੋ 1, ਅਤੇ ਹੋਰ ਬਨਾਮ ਕੈਲੀਫ਼ੋਰਨੀਆ ਡਿਪਾਰਟਮੈਂਟ ਆਫ਼ ਮੋਟਰ ਵਹੀਕਲਜ਼, ਅਤੇ ਹੋਰ (JOHN DOE 1, et al. v. CALIFORNIA DEPARTMENT OF MOTOR VEHICLES, et al)
ਤੁਹਾਨੂੰ ਇਹ ਈ-ਮੇਲ ਇਸ ਲਈ ਭੇਜੀ ਜਾ ਰਹੀ ਹੈ ਕਿਉਂਕਿ ਤੁਸੀਂ ਸਾਨੂੰ ਸੰਪਰਕ ਕਰਕੇ ਜਾਂ ਤਾਂ ਪੁੱਛਿਆ ਹੈ ਕਿ ਕੀ ਤੁਸੀਂ ਇਸ ਮੁਕੱਦਮੇ ਵਿੱਚ ਦਾਅਵੇਦਾਰ (ਮੁੱਦਈ) ਬਣ ਸਕਦੇ ਹੋ ਜਾਂ ਫਿਰ ਤੁਸੀਂ ਮੁਕੱਦਮੇ ਦੀ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਸਾਡੇ ਨਾਲ ਸੰਪਰਕ ਕੀਤਾ ਹੈ।
ਤਾਜ਼ਾ ਸੂਚਨਾ: 17,000 ਵਿਅਕਤੀਆਂ ਨੂੰ 6 ਮਾਰਚ 2026 ਤੱਕ ਦਾ ਵਾਧਾ ਮਿਲਿਆ
ਜਿਨ੍ਹਾਂ ਵਿਅਕਤੀਆਂ ਨੂੰ 6 ਨਵੰਬਰ 2025 ਤਰੀਕ ਵਾਲੀ ਚਿੱਠੀ ਮਿਲੀ ਸੀ, ਜਿਸ ਵਿੱਚ ਡੀਐਮਵੀ ਨੇ ਕਿਹਾ ਸੀ ਕਿ ਕਿਉਂਕਿ ਤੁਹਾਡੇ ਲਾਇਸੰਸ “ਕੈਲੀਫ਼ੋਰਨੀਆ ਕਾਨੂੰਨ ਅਨੁਸਾਰ ਨਹੀਂ ਹਨ। ਇਸ ਕਾਨੂੰਨ ਦੀ ਸ਼ਰਤ ਹੈ ਕਿ ਲਾਇਸੰਸ ਬਣਵਾਉਣ ਵੇਲੇ ਤੁਸੀਂ ਜਿਹੜਾ ਕਾਨੂੰਨੀ ਹਾਜ਼ਰੀ ਦਸਤਾਵੇਜ਼ (ਲੀਗਲ ਪ੍ਰੈਜ਼ੇਂਸ ਡਾਕੂਮੈਂਟ) ਡੀਐਮਵੀ ਕੋਲ ਜਮ੍ਹਾਂ ਕਰਵਾਇਆ ਹੈ, ਉਸ ਦਸਤਾਵੇਜ਼ ਉੱਤੇ ਮਿਆਦ ਖ਼ਤਮ ਹੋਣ ਦੀ ਜਿਹੜੀ ਤਰੀਕ ਲਿਖੀ ਹੋਈ ਹੈ, ਉਹੀ ਤਰੀਕ ਜਾਂ ਫ਼ਿਰ ਉਸ ਤੋਂ ਪਹਿਲਾਂ ਦੀ ਕੋਈ ਤਰੀਕ ਸੀਡੀਐਲ ਉੱਤੇ ਮਿਆਦ ਖ਼ਤਮ ਹੋਣ ਦੀ ਤਰੀਕ ਵਜੋਂ ਦਰਜ ਹੋਣੀ ਚਾਹੀਦੀ ਹੈ।” ਇਸ ਲਈ ਡੀਐਮਵੀ ਤੁਹਾਡਾ ਕਮਰਸ਼ੀਅਲ ਡਾਇਵਰਜ਼ ਲਾਇਸੰਸ 5 ਜਨਵਰੀ 2026 ਨੂੰ ਖ਼ਤਮ ਕਰ ਦੇਵੇਗੀ। ਦਿਸੰਬਰ 30, 2025 ਨੂੰ ਅੱਜ ਡੀਐਮਵੀ ਨੇ ਐਲਾਨ ਕੀਤਾ ਕਿ ਉਹ ਇਹ ਚਿੱਠੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ 60 ਦਿਨਾਂ ਦੀ ਮਿਆਦ ਦਾ ਵਾਧਾ ਦੇ ਰਹੀ ਹੈ।
- ਇਹ ਨਵੀਂ ਜਾਣਕਾਰੀ ਤੁਹਾਡੇ ਉੱਤੇ ਕਿਵੇਂ ਲਾਗੂ ਹੋ ਸਕਦੀ ਹੈ:
ਜੇ ਤੁਹਾਡੇ ਕੋਲ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਹੈ ਅਤੇ ਤੁਹਾਨੂੰ ਡੀਐਮਵੀ ਦੀ 6 ਨਵੰਬਰ 2025 ਵਾਲੀ ਚਿੱਠੀ ਮਿਲੀ ਹੈ ਤਾਂ ਤੁਹਾਡਾ ਲਾਇਸੰਸ 5 ਜਨਵਰੀ 2026 ਨੂੰ ਖ਼ਤਮ ਨਹੀਂ ਹੋਵੇਗਾ। ਜਦੋਂ ਤੱਕ ਇਸ ਦੀ ਮਿਆਦ ਬਾਕੀ ਹੈ, ਤੁਸੀਂ ਆਪਣੇ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਨੂੰ ਵਰਤਣਾ ਜਾਰੀ ਰੱਖ ਸਕਦੇ ਹੋ। ਫ਼ਿਲਹਾਲ ਤੁਹਾਨੂੰ ਆਪਣਾ ਲਾਇਸੰਸ ਜਮ੍ਹਾਂ ਕਰਵਾਉਣ ਜਾਂ ਛੱਡਣ ਦੀ ਲੋੜ ਨਹੀਂ ਹੈ।
- ਕੀ ਡੀਐਮਵੀ ਮੈਨੂੰ ਆਪਣਾ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਠੀਕ ਕਰਵਾਉਣ ਦਾ ਮੌਕਾ ਦੇਣ ਵਾਸਤੇ ਅਰਜ਼ੀ ਦੇਣ ਲਈ ਕੋਈ ਪ੍ਰਬੰਧ ਸ਼ੁਰੂ ਕਰੇਗੀ?
ਨਹੀਂ, ਫ਼ਿਲਹਾਲ ਤਾਂ ਨਹੀਂ। ਹਾਲਾਂਕਿ, ਇਸ ਗੱਲ ਵਾਸਤੇ ਅਸੀਂ ਆਪਣੇ ਮੁਕੱਦਮੇ ਲਈ ਸੰਘਰਸ਼ ਕਰਦੇ ਰਹਾਂਗੇ ਅਤੇ ਜਦੋਂ ਵੀ ਕੋਈ ਨਵੀਂ ਜਾਣਕਾਰੀ ਸਾਹਮਣੇ ਆਵੇਗੀ, ਤੁਹਾਨੂੰ ਉਸ ਦੀ ਜਾਣਕਾਰੀ ਨਾਲੋ-ਨਾਲ ਦਿੰਦੇ ਰਹਾਂਗੇ। ਇਸ ਬਾਰੇ ਜਾਣਕਾਰੀ ਤੁਸੀਂ ਹੇਠ ਲਿਖੀਆਂ ਥਾਵਾਂ ’ਤੇ ਦੇਖ ਸਕਦੇ ਹੋ।
- ਜੇ ਮੈਨੂੰ ਡੀਐਮਵੀ ਦੀ 15 ਦਸੰਬਰ 2025 ਤਰੀਕ ਵਾਲੀ ਚਿੱਠੀ ਮਿਲੀ ਹੋਵੇ, ਫੇਰ?
ਜੇ ਤੁਹਾਨੂੰ ਡੀਐਮਵੀ ਦੀ 15 ਦਸੰਬਰ 2025 ਤਰੀਕ ਵਾਲੀ ਚਿੱਠੀ ਮਿਲੀ ਹੈ, ਜਿਸ ਵਿੱਚ ਲਿਖਿਆ ਹੈ ਕਿ ਉਹ ਤੁਹਾਡਾ ਕਮਰਸ਼ੀਅਲ ਡਰਾਇਵਰਜ਼ ਲਾਇਸੰਸ 60 ਦਿਨਾਂ ਅੰਦਰ ਖ਼ਤਮ ਕਰ ਦੇਣਗੇ ਤਾਂ ਇਸ ਦਾ ਮਤਲਬ ਹੈ ਕਿ ਡੀਐਮਵੀ ਤੁਹਾਡਾ ਕਮਰਸ਼ੀਅਲ ਡਰਾਇਵਰਜ਼ ਲਾਇਸੰਸ 13 ਫਰਵਰੀ 2026 ਨੂੰ ਖ਼ਤਮ ਕਰ ਦੇਵੇਗੀ। ਫ਼ਿਲਹਾਲ ਡੀਐਮਵੀ ਵੱਲੋਂ ਦਿੱਤਾ ਗਿਆ 60 ਦਿਨ ਦਾ ਵਾਧਾ ਉਨ੍ਹਾਂ ਵਾਸਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਨੂੰ 15 ਦਸੰਬਰ 2025 ਵਾਲੀ ਚਿੱਠੀ ਮਿਲੀ ਹੈ। ਹਾਲਾਂਕਿ, ਹੋ ਸਕਦਾ ਹੈ ਕਿ ਡੀਐਮਵੀ ਇਸ ਤਰ੍ਹਾਂ ਦੇ ਵਾਧੇ ਦਾ ਮੌਕਾ ਨੇੜ ਭਵਿੱਖ ਵਿੱਚ (ਆਉਣ ਵਾਲੇ ਦਿਨਾਂ ਵਿੱਚ) ਦੇ ਸਕਦੀ ਹੈ। ਇਸ ਵੇਲੇ ਅਸੀਂ ਇਹੀ ਸਲਾਹ ਦੇਵਾਂਗੇ ਕਿ ਜਿਨ੍ਹਾਂ ਨੂੰ 15 ਦਸੰਬਰ 2025 ਵਾਲੀ ਚਿੱਠੀ ਮਿਲੀ ਹੈ ਉਹ ਆਪਣੇ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਜਮ੍ਹਾਂ ਨਾ ਕਰਵਾਉਣ।
- ਅੱਗੇ ਕੀ ਹੋਵੇਗਾ:
ਡੀਐਮਵੀ ਨੇ ਭਾਵੇਂ ਵਾਧਾ ਦੇ ਦਿੱਤਾ ਹੈ ਪਰ ਮੁਕੱਦਮਾ ਹਾਲੇ ਚੱਲ ਰਿਹਾ ਹੈ। ਅਸੀਂ ਇਹ ਮੁਕੱਦਮਾ ਸਮੂਹਿਕ ਉਪਰਾਲੇ ਵਜੋਂ ਦਾਖ਼ਲ ਕੀਤਾ ਹੈ, ਜਿਸ ਦਾ ਅਰਥ ਹੈ ਕਿ ਅਸੀਂ ਇਹ ਮੁਕੱਦਮਾ ਉਨ੍ਹਾਂ ਸਾਰੇ 19,999 ਵਿਅਕਤੀਆਂ ਵੱਲੋਂ ਦਾਇਰ ਕੀਤਾ ਹੈ ਜਿਨ੍ਹਾਂ ਨੂੰ ਡੀਐਮਵੀ ਵੱਲੋਂ ਚਿੱਠੀ ਭੇਜ ਕੇ ਇਹ ਸੂਚਨਾ ਦਿੱਤੀ ਗਈ ਹੈ ਕਿ ਲਾਇਸੰਸ ਦੀ ਮਿਆਦ ਮੁੱਕਣ ਦੀ ਤਰੀਕ ਵਿੱਚ ਗ਼ਲਤੀ ਹੋਣ ਕਰਕੇ ਉਨ੍ਹਾਂ ਦੇ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਖ਼ਤਮ ਕਰ ਦਿੱਤੇ ਜਾਣਗੇ। ਜੇ ਤੁਹਾਨੂੰ ਡੀਐਮਵੀ ਦਾ 6 ਨਵੰਬਰ 2025 ਜਾਂ 15 ਦਸੰਬਰ 2025 ਵਾਲੀ ਚਿੱਠੀ ਮਿਲੀ ਹੈ ਕਿ ਮਿਆਦ ਮੁੱਕਣ ਦੀ ਤਰੀਕ ਵਿੱਚ ਗ਼ਲਤੀ ਹੋਣ ਕਰਕੇ ਤੁਹਾਡਾ ਕਮਰਸ਼ੀਅਲ ਡਰਾਇਵਰਜ਼ ਲਾਇਸੰਸ 60 ਦਿਨਾਂ ਦੇ ਅੰਦਰ ਖ਼ਤਮ ਕਰ ਦਿੱਤਾ ਜਾਵੇਗਾ ਤਾਂ ਅਸੀਂ ਅਦਾਲਤ ਤੋਂ ਮੰਗ ਕਰ ਰਹੇ ਹਾਂ ਕਿ ਉਹ ਤੁਹਾਨੂੰ ਸਮੂਹ ਦੇ ਮੈਂਬਰ ਵਜੋਂ ਮੁਕੱਦਮੇ ਦੀ ਧਿਰ ਬਣਾਉਣ ਤਾਂ ਜੋ ਅਸੀਂ ਤੁਹਾਡੇ ਆਪਣਾ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਰੱਖਣ ਅਤੇ ਸਹੀ ਕੀਤਾ ਹੋਇਆ ਲਾਇਸੰਸ ਪ੍ਰਾਪਤ ਕਰਨ ਦੇ ਹੱਕ ਦੀ ਰਾਖੀ ਕਰ ਸਕੀਏ।
ਅਦਾਲਤ ਨੇ ਸਮੂਹ ਨੂੰ ਹਾਲੇ ਤੱਕ ਨਾ ਪ੍ਰਮਾਣਿਤ ਕੀਤਾ ਹੈ ਅਤੇ ਨਾ ਹੀ ਮੰਜ਼ੂਰੀ ਦਿੱਤੀ ਹੈ, ਜਿਸ ਦਾ ਅਰਥ ਹੈ ਕਿ ਤੁਸੀਂ ਆਪਣੇ ਪੱਧਰ ’ਤੇ ਮੁਕੱਦਮਾ ਦਾਇਰ ਕਰਨ ਲਈ ਆਜ਼ਾਦ ਹੋ ਪਰ ਜੇ ਅਦਾਲਤ ਸਾਡੇ ਕੇਸ ਵਿੱਚ ਪੂਰੇ ਸਮੂਹ ਨੂੰ ਪ੍ਰਵਾਨ ਕਰ ਲੈਂਦੀ ਹੈ ਤਾਂ ਤੁਹਾਡਾ ਆਪਣੇ ਪੱਧਰ ਦੇ ਦਾਇਰ ਕੀਤਾ ਮਾਮਲਾ ਵਿਅਰਥ ਹੋ ਜਾਵੇਗਾ।
- ਕੀ ਮੈਨੂੰ ਆਪਣਾ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਛੱਡ ਜਾਂ ਜਮ੍ਹਾਂ ਕਰਵਾ ਦੇਣਾ ਚਾਹੀਦਾ ਹੈ?
ਜੇ ਤੁਹਾਨੂੰ ਆਪਣੇ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਦੀ ਲੋੜ ਹੈ ਤਾਂ ਸਾਡੀ ਸਲਾਹ ਹੈ ਕਿ ਤੁਹਾਨੂੰ ਆਪਣਾ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਛੱਡਣਾ ਜਾਂ ਜਮ੍ਹਾਂ ਕਰਵਾਉਣਾ ਨਹੀਂ ਚਾਹੀਦਾ, ਖ਼ਾਸ ਕਰਕੇ ਜਦੋਂ ਹੁਣ ਡੀਐਮਵੀ ਨੇ 6 ਮਾਰਚ 2026 ਤੱਕ ਮਿਆਦ ਵਿੱਚ ਵਾਧਾ ਕਰ ਦਿੱਤਾ ਹੈ।
- ਮੁਕੱਦਮੇ ਬਾਰੇ ਤਾਜ਼ਾ ਜਾਣਕਾਰੀ ਅਸੀਂ ਲਗਾਤਾਰ ਕਿਵੇਂ ਹਾਸਲ ਕਰ ਸਕਦੇ ਹਾਂ?
ਡੀਐਮਵੀ ਸਾਡੇ ਮੁਕੱਦਮੇ ਦਾ ਜੁਆਬ ਕਿਵੇਂ ਦੇਣ ਦੀ ਤਿਆਰੀ ਕਰ ਰਹੀ ਹੈ ਇਸ ਬਾਰੇ ਸਾਨੂੰ ਜਦੋਂ ਵੀ ਕੋਈ ਜਾਣਕਾਰੀ ਮਿਲੇਗੀ ਅਸੀਂ ਇਹ ਜਾਣਕਾਰੀ ਤੁਹਾਡੇ ਨਾਲ ਜਲਦੀ ਤੋਂ ਜਲਦੀ ਸਾਂਝੀ ਕਰਨਾ ਯਕੀਨੀ ਬਣਾਵਾਂਗੇ। ਹਾਲਾਂਕਿ, ਪੂਰੀ ਤਰ੍ਹਾਂ ਸਮੇਂ ਸਿਰ ਲਗਾਤਾਰ ਜਾਣਕਾਰੀਆਂ ਹਾਸਲ ਕਰਨ ਲਈ ਤੁਸੀਂ ਸਾਡੇ ਸੋਸ਼ਲ ਮੀਡੀਆ ਨਾਲ ਜੁੜੇ ਰਹੋ: Instagram(@sikhcoalition); X(@sikh_coalition); Facebook (The Sikh Coalition).
ਇੱਕ ਆਖਰੀ ਗੱਲ: ਅਸੀਂ ਜਾਣਦੇ ਹਾਂ ਕਿ ਮਿਆਦ ਵਧਾਉਣ ਬਾਰੇ ਫੈਡਰਲ ਸਰਕਾਰ ਅਤੇ ਕੈਲੀਫ਼ੋਰਨੀਆ ਦੀ ਸਰਕਾਰ ਦੇ ਵਿੱਚ ਹੋਈ ਚਰਚਾ ਫਿਲਹਾਲ ਖ਼ਬਰਾਂ ਵਿੱਚ ਹੈ ਅਤੇ ਇਸ ਕਾਰਨ ਹੋਰ ਚਿੰਤਾ ਅਤੇ ਉਲਝਣ ਪੈਦਾ ਹੋ ਰਹੀ ਹੈ।
- ਫੈਡਰਲ ਐਲਾਨ ਦਾ ਉਹਨਾਂ 20,000 ਡਰਾਈਵਰਾਂ ‘ਤੇ ਕੋਈ ਸਿੱਧਾ ਅਸਰ ਨਹੀਂ ਪਵੇਗਾ ਜਿਨ੍ਹਾਂ ਨੂੰ ਕੈਂਸਲੇਸ਼ਨ ਨੋਟਿਸ ਮਿਲੇ ਸਨ। ਡੀਐਮਵੀ ਵਲੋਂ 6 ਮਾਰਚ 2026 ਦੀ ਅੰਤਿਮ ਮਿਆਦ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
- ਜਿਵੇਂ ਕਿ ਡੀਐਮਵੀ ਨੇ ਦੱਸਿਆ ਹੈ, ਇਹਨਾਂ ਲਾਇਸੰਸਾਂ ਵਿੱਚ ਕੋਈ ਵੀ ਗਲਤੀ ਸਟੇਟ ਦੇ ਨਿਯਮਾਂ ਨਾਲ ਸੰਬੰਧਿਤ ਸੀ ਨਾ ਕਿ ਫੈਡਰਲ ਕਾਨੂੰਨਾਂ ਨਾਲ।
- ਅਸੀਂ ਇਹਨਾਂ 20,000 ਡਰਾਈਵਰਾਂ ਲਈ ਵਕਾਲਤ ਕਰਦੇ ਰਹਾਂਗੇ ਤਾਂ ਕਿ ਉਹ ਜਲਦੀ ਤੋਂ ਜਲਦੀ ਸਹੀ ਲਾਇਸੰਸ ਪ੍ਰਾਪਤ ਕਰ ਸਕਣ ਅਤੇ ਉਹਨਾਂ ਦੀ ਰੋਜ਼ੀ-ਰੋਟੀ ਕਮਾਉਣ ਅਤੇ ਸਾਡੇ ਭਾਈਚਾਰੇ ਦੀ ਸੇਵਾ ਕਰਨ ਦੀ ਸਮਰੱਥਾ ਵਿੱਚ ਕੋਈ ਰੁਕਾਵਟ ਨਾ ਆਵੇ।
ਅਸੀਂ ਤੁਹਾਡੇ ਅਤੇ ਕੈਲੀਫ਼ੋਰਨੀਆ ਦੇ ਸਾਰੇ ਕਮਰਸ਼ੀਅਲ ਡਰਾਇਵਰਜ਼ ਲਾਇਸੰਸ ਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ; ਅਸੀਂ ਇਸ ਲੜਾਈ ਵਿੱਚ ਇਕਜੁਟ ਹਾਂ।
ਸਤਿਕਾਰ ਸਹਿਤ,
ਸਿੱਖ ਕੋਲੀਸ਼ਨ ਦੀ ਲੀਗਲ ਟੀਮ